ਵੈਨਕੂਵਰ ਆਈਲੈਂਡ ਦੇ ਪੂਰਬੀ ਪਾਸੇ ਦੇ ਸਮੁੰਦਰੀ ਕੰਢੇ ਦੇ ਬੀਚ ਜੰਗਲ ਅਤੇ ਝਰਨੇ ਤੁਹਾਡੀ ਆਪਣੇ ਰੋਜ਼ਾਨਾ ਤਣਾਅ ਨੂੰ ਭੁਲਾਉਣ ਅਤੇ ਟਾਪੂ ਦੇ ਸਮੇਂ ਨੂੰ ਅਪਣਾਉਣ ਵਿੱਚ ਮਦਦ ਕਰਨਗੇ। ਤੁਸੀਂ ਇੱਥੇ ਜਿੰਨਾ ਲੰਬਾ ਸਮਾਂ ਰਹੋਗੇ, ਤਬਦੀਲੀ ਓਨੀ ਹੀ ਧਿਆਨ ਦੇਣ ਯੋਗ ਹੋਵੇਗੀ। ਯਾਤਰਾ ਦੇ ਦੇ ਰਸਤੇ ‘ਤੇ ਅੱਗੇ ਵਧਦਿਆਂ ਇੰਡੀਜਨਸ ਸੱਭਿਆਚਾਰ, ਪ੍ਰਫੁਲਤ ਕਲਾ ਦ੍ਰਿਸ਼ ਅਤੇ ਸਥਾਨਕ ਖਾਣ–ਪੀਣ ਦੀਆਂ ਬਹੁਤ ਸਾਰੀਆਂ ਦੁਕਾਨਾਂ, ਕਰਾਫਟ ਬਰੂਅਰੀਆਂ ਅਤੇ ਅੰਗੂਰਾਂ ਦੇ ਬਾਗਾਂ ਨੂੰ ਫਿਰ ਤੁਰ ਕੇ ਦੇਖੋ। ਕੁਦਰਤ, ਸੱਭਿਆਚਾਰ ਅਤੇ ਪਕਵਾਨਾਂ ਦੀ ਰੰਗੀਨ ਭਿੰਨਤਾ ਨੂੰ ਮਾਣਨ ਲਈ ਵੈਨਕੂਵਰ ਆਈਲੈਂਡ ਦੇ ਪੂਰਬੀ ਤੱਟ ਦੇ ਨਾਲ ਲੱਗਦੇ ਰਸਤੇ ਉੱਪਰ ਜਾਓ – ਗਰਮੀਆਂ ਦਾ ਇਹ
ਇੱਕ ਅਜਿਹਾ ਟ੍ਰਿੱਪ ਹੈ ਜੋ ਤੁਸੀਂ ਕਦੇ ਨਹੀਂ ਭੁੱਲੋਗੇ।
ਨੋਟ ਕਰੋ: ਇਸ ਸੜਕ ਯਾਤਰਾ ਨੂੰ ਵਿਸ਼ੇਸ਼ ਤੌਰ ‘ਤੇ 2021 ਦੇ ਵਿਲੱਖਣ ਯਾਤਰਾ ਹਾਲਾਤਾਂ ਲਈ ਅੱਪਡੇਟ ਕੀਤਾ ਗਿਆ ਸੀ। ਜਾਣਕਾਰੀ ਪ੍ਰਕਾਸ਼ਨ ਦੇ ਸਮੇਂ ਅਨੁਸਾਰ ਸਹੀ ਹੈ; ਉਪਲਬਧਤਾ ਦੀ ਪੁਸ਼ਟੀ ਕਰਨ ਅਤੇ ਲਾਗੂ ਕੋਵਿਡ ਨੀਤੀਆਂ ਤੋਂ ਆਪਣੇ ਆਪ ਨੂੰ ਜਾਣੂ ਕਰਵਾਉਣ ਲਈ ਅਸੀਂ ਤੁਹਾਨੂੰ ਕਾਰੋਬਾਰਾਂ ਨਾਲ ਸਿੱਧਾ ਸੰਪਰਕ ਕਰਨ ਦੀ ਸਿਫਾਰਸ਼ ਕਰਦੇ ਹਾਂ।
Part 1
ਵੈਨਕੂਵਰ ਦੇ ਦੱਖਣ ਵਿੱਚ ਸਥਿਤ ਟਵਾਸਨ ਤੋਂ ਬੀ.ਸੀ. ਫੈਰੀਜ਼ ਵਿੱਚ ਚੜ੍ਹੋ, ਅਤੇ ਵੈਨਕੂਵਰ ਆਈਲੈਂਡ ਦੇ ਦੱਖਣੀ ਸਿਰੇ ‘ਤੇ ਸਥਿਤ ਸਵਾਰਟਜ਼ ਬੇਅ ਵੱਲ ਜਾਂਦਿਆਂ ਸਦਰਨ ਗਲਫ਼ ਆਇਲੈਂਡਜ਼ ਵਿੱਚੋਂ ਲੰਘਦੇ ਹੋਏ ਸਮੁੰਦਰ ਦੇ ਵਿਸ਼ਾਲ ਨਜ਼ਾਰੇ ਮਾਣੋ।
Part 2
ਆਪਣੀ ਯਾਤਰਾ ਦੀ ਸ਼ੁਰੂਆਤ ਸੱਭਿਆਚਾਰਕ ਤਜਰਬਿਆਂ, ਆਕਰਸ਼ਣਾਂ, ਅਤੇ ਬੀ.ਸੀ. ਦੀ ਰਾਜਧਾਨੀ ਵਿੱਚ ਖਾਣ-ਪੀਣ ਦੇ ਰੋਮਾਂਚਕ ਅਨੁਭਵ ਨਾਲ ਕਰੋ। ਵਿਕਟੋਰੀਆ ਦੀ ਕੋਈ ਵੀ ਯਾਤਰਾ ਸਮੁੰਦਰੀ ਕੰਢੇ ‘ਤੇ ਸੈਰ ਕੀਤੇ ਬਿਨਾਂ ਪੂਰੀ ਨਹੀਂ ਹੁੰਦੀ, ਭਾਵੇਂ ਉਹ ਹਲਚਲ ਭਰਪੂਰ ਇਨਰ ਹਾਰਬਰ ਵਿੱਚ ਹੋਵੇ ਜਾਂ ਸੁੰਦਰ ਬੀਕਨ ਹਿੱਲ ਪਾਰਕ ਤੋਂ ਪਾਰ ਡਲਾਸ ਰੋਡ ਦੇ ਸ਼ਾਂਤ ਹਿੱਸੇ ‘ਤੇ ਹੋਵੇ।
ਗ੍ਰੇਟਰ ਵਿਕਟੋਰੀਆ ਖੇਤਰ ਨੂੰ ਮਿੱਲ ਬੇਅ ਦੇ ਸ਼ਾਂਤ ਵਾਟਰਫਰੰਟ ਵਿਲੇਜ ਦੇ ਦੌਰੇ ਦੇ ਨਾਲ ਬਿਲਕੁਲ ਨਵੇਂ ਨਜ਼ਰੀਏ ਨਾਲ ਦੇਖੋ, ਜਿੱਥੇ ਤੁਸੀਂ ਬੀਚ ‘ਤੇ ਸਮਾਂ ਬਿਤਾ ਸਕਦੇ ਹੋ, ਸਦਰਨ ਗਲਫ਼ ਆਈਲੈਂਡਜ਼ ਦੇ ਵਿਸ਼ਾਲ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹੋ, ਜਾਂ ਇਸ ਇਲਾਕੇ ਦੇ ਕਿਸੇ ਪਾਰਕ ਵਿੱਚ ਹਾਈਕਿੰਗ ਅਤੇ ਪਿਕਨਿਕ ਦਾ ਅਨੰਦ ਲੈ ਸਕਦੇ ਹੋ। ਇਸ ਖ਼ੂਬਸੂਰਤ ਲੁਕਵੀਂ ਥਾਂ ਤਕ ਪਹੁੰਚ ਕਰਨ ਲਈ ਬਰੈਂਟਵੁੱਡ ਬੇਅ ਤੋਂ ਫੈਰੀ ਉੱਪਰ ਸਿਰਫ਼ 25 ਮਿੰਟ ਲਗਦੇ ਹਨ। ਪ੍ਰਸਿੱਧ ਬੁਸ਼ਾਰਟ ਗਾਰਡਨਜ਼ ਜਾਂ ਕਾਊਚਨ ਵੈਲੀ ਟਰੇਲ ਦੇ ਨਾਲ–ਨਾਲ ਸਭ ਤੋਂ ਵੱਡੇ ਟਰੈਸਟਲ ਪੁਲ, ਕਿਨਸੋਲ ਟਰੈਸਟਲ ਵਿਖੇ ਆਉਣ ਤੋਂ ਵੀ ਖੁੰਝ ਨਾ ਜਾਣਾ। ਆਪਣੀ ਸਾਇਕਲ ’ਤੇ ਪੁਲ ਪਾਰ ਕਰੋ ਜਾਂ ਪੈਦਲ ਤੁਰ ਕੇ ਜਾਓ ਅਤੇ ਤੁਸੀਂ ਇਸ ਦੀ ਸੁੰਦਰਤਾ ਅਤੇ ਢਾਂਚੇ ਨੂੰ ਦੇਖ ਕੇ ਹੈਰਾਨ ਹੋ ਜਾਉਗੇ।
ਵਿਕਟੋਰੀਆ ਵਿੱਚ ਥੋੜ੍ਹੇ ਲੰਮੇ ਸਮੇਂ ਲਈ ਰੁਕਣਾ ਹੈ? ਇਸ ਬਾਰੇ ਪੜ੍ਹੋ ਕਿ ਤੁਸੀਂ ਸ਼ਹਿਰ ਦਾ ਸੁਆਦ ਕਿਵੇਂ ਲੈ ਸਕਦੇ ਹੋ, ਸੈਨਿਚ ਪੈਨਿਨਸੁਲਾ ਨੂੰ ਕਿਵੇਂ ਮਾਣ ਸਕਦੇ ਹੋ ਅਤੇ ਜੇ ਤੁਸੀਂ ਆਪਣੀ ਛੁੱਟੀ ਨੂੰ ਵਧਾਉਂਦੇ ਹੋ ਤਾਂ ਇੱਥੋਂ ਦੇ ਮੁਹੱਲਿਆਂ ਦੀ ਸੈਰ ਕਰੋ।
Part 3
ਵਿਕਟੋਰੀਆ ਦੇ ਉੱਤਰ ਵੱਲ (ਹਾਈਵੇਅ 1 ’ਤੇ ਜਾਂਦੇ ਹੋਏ) ਡੰਕਨ ਵਿੱਚ ਰੁਕੋ, ਜਿਸ ਨੂੰ “ਟੋਟਮਜ਼ ਦੇ ਸ਼ਹਿਰ“ ਵਜੋਂ ਜਾਣਿਆ ਜਾਂਦਾ ਹੈ। ਦਰਜਨਾਂ ਟੋਟਲ ਪੋਲਾਂ ਤੋਂ ਲੰਘਦੀ ਸਵੈ–ਸੇਧਿਤ ਟੋਟਮ ਟੂਰ ਵਾਕ ਇੱਕ ਨਾ–ਖੁੰਝਾਉਣ ਵਾਲੀ ਖਾਸ ਥਾਂ ਹੈ ਜਿਸ ਵਿੱਚੋਂ ਹਰੇਕ ਪੋਲ ਇੱਕ ਕਹਾਣੀ ਦੱਸਦਾ ਹੈ। ਇਹ ਇਸ ਖੇਤਰ ਵਿੱਚ ਹਜ਼ਾਰਾਂ ਸਾਲਾਂ ਤੋਂ ਵਸਦੇ ਕਾਊਚਨ ਫਸਟ ਨੇਸ਼ਨ ਦਾ ਰਵਾਇਤੀ ਖੇਤਰ ਹੈ। ਕੁਦਰਤੀ ਵਾਤਾਵਰਣ ਨਾਲ ਉਨ੍ਹਾਂ ਦਾ ਰਿਸ਼ਤਾ ਆਦਰ ਅਤੇ ਸ਼ੁਕਰਾਨੇ ਦਾ ਹੈ ਅਤੇ ਇਸ ਰਿਸ਼ਤੇ ਨੂੰ ਤੁਸੀਂ ਰਾਹ ਵਿੱਚ ਆਉਂਦੇ ਬਹੁਤ ਹੀ ਪਿਆਰ ਨਾਲ ਤਰਾਸ਼ੇ ਗਏ ਟੋਟਮ ਪੋਲਾਂ ਵਿੱਚ ਦਰਸਾਇਆ ਹੋਇਆ ਦੇਖੋਗੇ।
ਜਦੋਂ ਤੁਸੀਂ ਹਾਈਵੇ 1 ਦੇ ਨਾਲ ਉੱਤਰ ਵੱਲ ਜਾਣਾ ਜਾਰੀ ਰੱਖਦੇ ਹੋ, ਤਾਂ 200 ਤੋਂ ਵੀ ਵੱਧ ਵੱਖ-ਵੱਖ ਪੰਛੀਆਂ ਦੀਆਂ ਪ੍ਰਜਾਤੀਆਂ ਦੇ ਨਿਵਾਸ, ਸੋਮਨੋਸ ਮਾਰਸ਼ ਕੰਜ਼ਰਵੇਸ਼ਨ ਏਰੀਆ ਵਿੱਚ ਰੁਕੋ। ਪਤਝੜ ਵਿਚ, ਵਿਸ਼ਾਲ ਟ੍ਰੰਪਟਰ ਹੰਸ ਇੱਥੋਂ ਖੁਰਾਕ ਹਾਸਲ ਕਰਦੇ ਹਨ।
ਪੰਛੀਆਂ ਨਾਲ ਦੋਸਤੀ ਕਰਨ ਤੋਂ ਬਾਅਦ, ਇੰਡੀਜਨਸ ਆਬਾਦੀ ਤੋਂ ਲੈ ਕੇ ਮੁਢਲੇ ਯੂਰਪੀਅਨ ਵਸਨੀਕਾਂ ਤਕ ਭਾਈਚਾਰਿਆਂ ਦੇ ਇਤਿਹਾਸ ਨੂੰ ਦਰਸਾਉਂਦੇ ਕੰਧ–ਚਿੱਤਰਾਂ ਦੇ ਸੰਗ੍ਰਹਿ ਲਈ ਜਾਣੇ ਜਾਂਦੇ ਚਮੇਨਸ
ਸ਼ਹਿਰ ਵਿੱਚ ਕਲਾ ਦ੍ਰਿਸ਼ਾਂ ਦਾ ਆਨੰਦ ਲਓ। ਚਮੇਨਸ ਵਿਜ਼ਟਰ ਸੈਂਟਰ ਵਿੱਚ ਰੁਕੋ ਅਤੇ ਮਿਊਰਲ ਰੂਟ ਦਾ ਨਕਸ਼ਾ ਚੁੱਕੋ ਅਤੇ 40 ਤੋਂ ਵੱਧ ਕਲਾ ਕਿਰਤਾਂ ਤੋਂ ਅੱਗੇ ਪੀਲੇ ਰੰਗ ਵਾਲੀਆਂ ਪੈੜਾਂ ਦੇ ਨਾਲ-ਨਾਲ ਚੱਲੋ।
Part 4
ਮੇਨਲੈਂਡ ਤੋਂ ਬੀ.ਸੀ. ਫੈਰੀਜ਼ ਰਾਹੀਂ ਪਹੁੰਚਯੋਗ, ਨਨਾਇਮੋ ਜ਼ਮੀਨ ਅਤੇ ਪਾਣੀ ਵਿੱਚ ਕੀਤੀਆਂ ਜਾਣ ਵਾਲੀਆਂ ਰੋਮਾਂਚਕ ਗਤੀਵਿਧੀਆਂ ਸ਼ੁਰੂ ਕਰਨ ਵਾਲਾ ਸਥਾਨ ਹੈ। ਸਮੁੰਦਰੀ ਕੰਢੇ ‘ਤੇ ਸਥਿਤ ਮਾਲਾਸਪਿਨਾ ਗੈਲਰੀਆਂ ਦੇਖਣ ਜਾਣ ਲਈ ਗੈਬਰੀਓਲਾ ਆਇਲੈਂਡ ਲਈ ਇੱਕ ਕਾਰ ਫੈਰੀ ਲਓ। ਮਾਲਾਸਪਿਨਾ ਗੈਲਰੀਆਂ ਇੱਕ ਵਿਲੱਖਣ ਖੇਤਰ ਹੈ ਜਿੱਥੇ ਸਮੁੰਦਰ ਦੇ ਪਾਣੀ ਨੇ ਸਮੇਂ ਦੇ ਨਾਲ ਰੇਤਲੇ ਪੱਥਰ ਦੀ ਚਟਾਨ ਨੂੰ ਇੰਝ ਖੋਰ ਦਿੱਤਾ ਹੈ ਕਿ ਉਹ ਇੱਕ ਮੁੜੀ ਹੋਈ ਲਹਿਰ ਵਾਂਗ ਦਿਖਾਈ ਦਿੰਦੀ ਹੈ। ਨਾਨੀਮੋ ਬੰਦਰਗਾਹ ਤੋਂ ਸੇਸੁਤਸ਼ੁਨ (ਪਹਿਲਾਂ ਨਿਊਕੈਸਲ ਟਾਪੂ ਵਜੋਂ ਜਾਣਿਆ ਜਾਂਦਾ ਸੀ) ਜਾਣ ਲਈ ਫੈਰੀ ਉੱਪਰ ਸਿਰਫ਼ 10 ਮਿੰਟ ਲਗਦੇ ਹਨ ਅਤੇ ਇਹ ਸਾਲ ਭਰ ਲਈ ਇੱਕ ਪ੍ਰਸਿੱਧ ਕੈਂਪਿੰਗ ਮੰਜ਼ਿਲ ਹੈ।
ਸ਼ਹਿਰ ਛੱਡਣ ਤੋਂ ਪਹਿਲਾਂ ਤੁਹਾਨੂੰ ਖਾਣ ਵਾਲੀ ਇੱਕ ਮਸ਼ਹੂਰ ਚੀਜ਼ ਜ਼ਰੂਰ ਅਜ਼ਮਾਉਣੀ ਚਾਹੀਦੀ ਹੈ–ਨਨਾਇਮੋ ਬਾਰ। ਗ੍ਰਾਹਮ/ਨਾਰੀਅਲ/ਕੋਕੋ ਕ੍ਰਸਟ ਉੱਪਰ ਕਰੀਮੀ ਕਸਟਰਡ ਪਾਇਆ ਹੁੰਦਾ ਹੈ ਅਤੇ ਉਸ ਉੱਪਰ ਚਾਕਲੇਟ ਦੀ ਇੱਕ ਪਰਤ ਚਾੜ੍ਹੀ
ਹੁੰਦੀ ਹੈ। ਬਹੁਤ ਸਵਾਦ! ਨਨਾਇਮੋ ਬਾਰ ਟਰੇਲ ਸ਼ਹਿਰ ਵਿੱਚ ਖਾਣ–ਪੀਣ ਦੀਆਂ ਦੁਕਾਨਾਂ ਅਤੇ ਬੇਕਰੀਆਂ ਦਾ ਇੱਕ ਸੰਗ੍ਰਹਿ ਹੈ ਜੋ ਇਹ ਸੁਆਦੀ ਚੀਜ਼ ਪੇਸ਼ ਕਰਦੇ ਹਨ।
ਜਦੋਂ ਤੁਸੀਂ ਨਾਨਾਇਮੋ ਵਿੱਚ ਹੋਵੋ, ਉਦੋਂ ਸਮੁੰਦਰੀ ਕੰਢੇ ਦੇ ਪਾਰਕਾਂ ਵਿੱਚੋਂ ਕਿਸੇ ਇੱਕ, ਜਿਵੇਂ ਕਿ ਨੈੱਕ ਓਇੰਟ ਪਾਰਕ, ਜਾਂ ਅਮੋਨਾਈਟ ਫਾਲਜ਼ ਵਿੱਚ ਹਾਈਕਿੰਗ ਕਰ ਕੇ ਕੁਦਰਤ ਦੇ ਨਜ਼ਾਰੇ ਮਾਣੋ।
ਜਦੋਂ ਤੁਸੀਂ ਨਨਾਇਮੋ ਨੂੰ ਹਾਈਵੇਅ 19 ’ਤੇ ਅਲਵਿਦਾ ਆਖੋਗੇ ਤਾਂ ਤੁਹਾਡੇ ਕੋਲ ਕੁਝ ਚੋਣਾਂ ਹੋਣਗੀਆਂ। ਅਸੀਂ ਹਾਈਵੇ 19 ਏ ਦੇ ਖ਼ੂਬਸੂਰਤ ਰਸਤੇ ਦਾ ਸੁਝਾਅ ਦਿੰਦੇ ਹਾਂ।
Part 5
ਹਾਈਵੇਅ 19 ਏ ਤੁਹਾਨੂੰ ਤੱਟ ਦੇ ਨਾਲ ਨਾਲ ਪਾਰਕਸਵਿਲ ਲੈ ਜਾਂਦਾ ਹੈ, ਜੋ ਗਰਮੀਆਂ ਦੀ ਰੁੱਤ ਵਿੱਚ ਇੱਕ ਪ੍ਰਸਿੱਧ ਮੰਜ਼ਿਲ ਹੈ ਜਿੱਥੇ ਤੁਸੀਂ ਸਮੁੰਦਰ ਕੰਢੇ ਵਿਸ਼ਾਲ ਬੀਚਾਂ ਅਤੇ ਛੋਟੇ ਕਸਬੇ ਦਾ ਸੁਹਜ ਮਾਣ ਸਕਦੇ ਹੋ। ਜਵਾਰ ਭਾਟੇ ਵਿੱਚ ਜਦੋਂ ਪਾਣੀ ਪਿਛਾਂਹ ਹਟ ਜਾਂਦਾ ਹੈ ਤਾਂ ਪਾਣੀ ਇੰਨਾ ਘੱਟ ਹੋ ਜਾਂਦਾ ਹੈ ਕਿ ਸਮੁੰਦਰ ਆਸਾਨੀ ਨਾਲ ਦਿਖਾਈ ਵੀ ਨਹੀਂ ਦਿੰਦਾ ਅਤੇ ਇਹ ਆਪਣੇ ਪਿੱਛੇ ਪਰਿਵਾਰਕ ਮਜ਼ੇ ਲਈ ਸੰਪੂਰਨ ਜਵਾਰਭਾਟੇ ਦੀਆਂ ਲਹਿਰਾਂ ਦੇ ਨਿਸ਼ਾਨਾਂ ਦੀ ਇੱਕ ਲੜੀ ਛੱਡ ਦਿੰਦਾ ਹੈ। ਰਾਥਟ੍ਰੇਵਰ ਬੀਚ ਪ੍ਰੋਵਿੰਸ਼ੀਅਲ ਪਾਰਕ ਕੈਂਪ ਕਰਨ ਲਈ ਸੂਬੇ ਦੇ ਸਭ ਤੋਂ ਪ੍ਰਸਿੱਧ ਸਥਾਨਾਂ ਵਿੱਚੋਂ ਇੱਕ ਹੈ ਅਤੇ ਪਾਰਕਸਵਿਲ ਕਮਿਊਨਿਟੀ ਪਾਰਕ ਵਿੱਚ ਇੱਕ ਪਿਆਰੀ ਬੀਚ ਹੈ ਅਤੇ ਨਾਲ ਹੀ ਛੋਟੇ ਬੱਚਿਆਂ ਲਈ ਇੱਕ ਵਿਸ਼ਾਲ ਖੇਡ ਦਾ ਮੈਦਾਨ ਅਤੇ ਵਾਟਰਪਾਰਕ ਹੈ। ਪੂਰਾ ਦਿਨ ਅਨੰਦ ਮਾਣਨ ਦੀ ਯੋਜਨਾ ਬਣਾਓ ਅਤੇ ਤਾਜ਼ੀ ਸਮੁੰਦਰੀ ਹਵਾ ਅਤੇ ਜਵਾਰ ਭਾਟੇ ਦੀਆਂ ਲਹਿਰਾਂ ਦੇ ਮੁੜ ਆਉਣ ਸਮੇਂ ਸਮੁੰਦਰ ਦੀਆਂ ਅਵਾਜ਼ਾਂ ਦਾ ਆਨੰਦ ਮਾਣੋ ।
ਹਾਈਵੇਅ 4 ਤੁਹਾਨੂੰ ਪਾਰਕਸਵਿਲ ਤੋਂ ਪੱਛਮ ਵੱਲ ਕੁਦਰਤੀ ਖਜ਼ਾਨਿਆਂ ਦੀ ਇੱਕ ਲੜੀ ਵਿੱਚ ਲੈ ਜਾਂਦਾ ਹੈ ਅਤੇ ਇਸ ਪਾਸੇ ਵੱਲ ਜਾਣ ਦੀ ਪੁਰਜ਼ੋਰ ਸਿਫਾਰਸ਼ ਕੀਤੀ ਜਾਂਦੀ ਹੈ। ਇੰਗਲਿਸ਼ਮੈਨ ਰਿਵਰ ਫਾਲਜ਼ ਪ੍ਰੋਵਿੰਸ਼ੀਅਲ ਪਾਰਕ ਜਾਂ ਲਿਟਲ ਕੁਆਲੀਕਮ ਫਾਲਜ਼ ਪ੍ਰੋਵਿੰਸ਼ੀਅਲ ਪਾਰਕ ਵਿਖੇ ਝਰਨਿਆਂ ਨੂੰ ਦੇਖੋ। ਇਸ ਦੇ ਨਾਲ-ਨਾਲ ਹਾਈਵੇ 4 ਏ ਤੋਂ ਕੂੰਬਜ਼ ਤਕ ਜਾਓ, ਜਿੱਥੇ ਤੁਸੀਂ ਹੱਥੀਂ ਬਣਾਈਆਂ ਸਨੈਕਸ ਲਈ ਓਲਡ ਕੰਟ੍ਰੀ ਮਾਰਕੀਟ ਦਾ ਦੌਰਾ ਕਰ ਸਕਦੇ ਹੋ ਅਤੇ ਛੱਤ ‘ਤੇ ਮਸ਼ਹੂਰ ਬੱਕਰੀਆਂ ਦੀ ਝਲਕ ਦੇਖ ਸਕਦੇ ਹੋ।
ਹਾਈਵੇ 19 ਏ ‘ਤੇ ਵਾਪਸ ਆ ਕੇ ਉੱਤਰ ਵੱਲ ਕੁਆਲੀਕਮ ਬੀਚ ਵੱਲ ਜਾਓ। ਕੁਆਲੀਕਮ ਬੀਚ ਹੈਰੀਟੇਜ ਫੌਰੈਸਟ ਵਿੱਚੋਂ ਪੈਦਲ ਲੰਘਦੇ ਹੋਏ ਬਹੁਤ ਪੁਰਾਣੇ (ਓਲਡ ਗਰੋਥ) ਜੰਗਲ ਦੀ ਸ਼ਕਤੀ ਨੂੰ ਮਹਿਸੂਸ ਕਰੋ, ਜੋ ਕਿ ਡਾਊਨਟਾਊਨ ਤੋਂ ਸਿਰਫ ਪੰਜ ਮਿੰਟਾਂ ਦੀ ਦੂਰੀ ’ਤੇ ਸਥਿਤ ਹੈ। ਹੋਰਨ ਲੇਕ ਕੇਵਜ਼ ਪ੍ਰੋਵਿੰਸ਼ੀਅਲ ਪਾਰਕ ਦਾ ਦੌਰਾ ਕਰਨਾ ਯਕੀਨੀ ਬਣਾਓ, ਜਿੱਥੇ ਤੁਸੀਂ ਉਨ੍ਹਾਂ ਗੁਫਾਵਾਂ ਦਾ ਗਾਈਡਡ ਟੂਰ ਕਰ ਸਕਦੇ ਹੋ ਜਿੱਥੇ ਫੌਸਿਲਜ਼, ਭੂਮੀਗਤ ਝਰਨੇ ਅਤੇ ਕ੍ਰਿਸਟਲ ਬਣਤਰਾਂ ਹੁੰਦੀਆਂ ਹਨ। ਇਹ ਟੂਰ ਸਿਰਫ਼ ਇੱਕ-ਇੱਕ ਪਰਿਵਾਰ ਦੇ ਨਿੱਜੀ, ਛੋਟੇ–ਸਮੂਹਾਂ ਤਕ ਸੀਮਤ ਹਨ। ਗਾਰਡਨ ਪ੍ਰੇਮੀ ਜੋ ਬਹੁਤ ਜ਼ਿਆਦਾ ਸਾਫ਼-ਸਫਾਈ ਅਤੇ ਡਿਜ਼ਾਈਨ ਬਣਾ ਕੇ ਤਿਆਰ ਕੀਤੇ ਰਸਮੀ ਬਗੀਚੇ ਨਾਲੋਂ ਕੁਦਰਤੀ ਦਿੱਖ ਨੂੰ ਵਧੇਰੇ ਤਰਜੀਹ ਦਿੰਦੇ ਹਨ, ਮਿਲਨਰ ਗਾਰਡਨਜ਼ ਅਤੇ ਵੁੱਡਲੈਂਡ ਨੂੰ ਪਸੰਦ ਕਰਨਗੇ।
Part 6
ਕੁਆਲੀਕਮ ਬੀਚ ਤੋਂ 30 ਮਿੰਟ ਉੱਤਰ ਵੱਲ, ਬਕਲੇ ਬੇਅ ਰਾਹ ਤੋਂ ਕੁਝ ਹਟ ਕੇ ਜਾਣ ਦਾ ਇੱਕ ਹੋਰ ਮੌਕਾ ਪੇਸ਼ ਕਰਦਾ ਹੈ। ਫੈਰੀ ਲੈ ਕੇ ਡੈਨਮੈਨ ਆਈਲੈਂਡ ਜਾਓ ਅਤੇ ਫਿਰ ਡੈਨਮੈਨ ਆਈਲੈਂਡ ਤੋਂ ਹਾਰਨਬੀ ਟਾਪੂ ਤਕ ਇੱਕ ਹੋਰ ਫੈਰੀ ਲਓ। ਸ਼ਾਨਦਾਰ ਬੀਚਾਂ ਅਤੇ ਵਧੀਆ ਕੈਂਪਿੰਗ ਅਤੇ ਪੈਡਲਿੰਗ ਦੇ ਮੌਕਿਆਂ ਦਾ ਆਨੰਦ ਲਓ। ਤੁਸੀਂ ਇੱਥੇ ਦੁਨੀਆ ਵਿੱਚ ਸਭ ਤੋਂ ਵਧੀਆ ਠੰਢੇ ਪਾਣੀ ਦੀਆਂ ਗੋਤਾਖੋਰੀਆਂ ਵਿੱਚੋਂ ਇੱਕ ਦਾ ਅਨੁਭਵ ਵੀ ਕਰ ਸਕਦੇ ਹੋ ਅਤੇ ਗੋਤਾਖੋਰੀ ਦੌਰਾਨ ਸਾਫ਼ ਪਾਣੀ ਅੰਦਰ ਭਰਪੂਰ ਸਮੁੰਦਰੀ ਜੀਵਨ ਨੂੰ ਦੇਖ ਸਕਦੇ ਹੋ। ਡੈਨਮੈਨ ਅਤੇ ਹਾਰਨਬੀ ਆਈਲੈਂਡ ’ਤੇ ਜ਼ਿੰਮੇਵਾਰਾਨਾ ਢੰਗ ਨਾਲ ਯਾਤਰਾ ਕਰਦੇ ਹੋਏ ਕੋਵਿਡ-19 ਦੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਯਾਦ ਰੱਖੋ।
ਜਦੋਂ ਤੁਸੀਂ ਕੋਮੌਕਸ ਵੈਲੀ ਪਹੁੰਚਦੇ ਹੋ, ਤਾਂ ਕੋਰਟਨੀ, ਕੋਮੌਕਸ ਅਤੇ ਕੰਬਰਲੈਂਡ ਵਿੱਚ ਸ਼ਾਨਦਾਰ ਮਾਊਂਟੇਨ ਬਾਈਕਿੰਗ, ਖਾਣ-ਪੀਣ ਦੀਆਂ ਵਧੀਆ ਚੋਣਾਂ ਅਤੇ ਮਾਊਂਟ ਵਾਸ਼ਿੰਗਟਨ ਅਲਪਾਈਨ ਰਿਜ਼ਾਰਟ ਵਿਖੇ ਚਾਰੋਂ ਰੁੱਤਾਂ ਵਿੱਚ ਮੌਜ-ਮਸਤੀ ਦੇ ਢੰਗ ਮਾਣ ਸਕਦੇ ਹੋ। ਇਹ ਬੀ.ਸੀ. ਦੇ ਸਭ ਤੋਂ ਪੁਰਾਣੇ ਸੂਬਾਈ ਪਾਰਕ, ਪਥਰੀਲੇ ਸਟਰੈਥਕੋਨਾ ਪ੍ਰੋਵਿੰਸ਼ੀਅਲ ਪਾਰਕ ਤਕ ਪਹੁੰਚਣ ਵਾਲੇ ਤਿੰਨ ਆਈਲੈਂਡ
ਐਕਸੈਸ ਪੁਆਇੰਟਾਂ ਵਿੱਚੋਂ ਇੱਕ ਹੈ। ਕੋਮੌਕਸ ਝੀਲ ਦੇ ਬਿਲਕੁਲ ਉੱਤਰ ਵਿੱਚ, ਤੁਸੀਂ ਪਾਰਕ ਦੇ ਪੈਰਾਡਾਈਜ਼ ਮੀਡੋਜ਼ ਅਤੇ ਵਰਜਿਤ ਪਠਾਰ ਭਾਗਾਂ ਤਕ ਪਹੁੰਚ ਕਰ ਸਕਦੇ ਹੋ।
Part 7
ਕੈਂਬਲ ਰਿਵਰ ਵਿੱਚ ਪਾਣੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸ ਥਾਂ ਨੂੰ “ਵਿਸ਼ਵ ਦੀ ਸਾਮਨ ਮੱਛੀ ਫੜਨ ਦੀ ਰਾਜਧਾਨੀ” ਵਜੋਂ ਜਾਣੇ ਜਾਣ ਦੇ ਉਚਿਤ ਕਾਰਣ ਹਨ। ਤਜਰਬੇਕਾਰ ਗਾਈਡ ਤੁਹਾਨੂੰ ਪੈਸੀਫਿਕ ਸਾਮਨ ਦੀਆਂ ਪੰਜ ਕਿਸਮਾਂ ਦੀ ਤਲਾਸ਼ ਵਿੱਚ, ਜਾਂ ਜੰਗਲੀ ਜੀਵਾਂ ਦੀ ਭਾਲ ਵਿੱਚ ਕਿਸ਼ਤੀ ਦੇ ਦੌਰੇ ‘ਤੇ ਲੈ ਕੇ ਜਾ ਸਕਦੇ ਹਨ। ਹੰਪਬੈਕ ਵੇਲ੍ਹਾਂ ਅਤੇ ਇੱਥੋਂ ਲੰਘ ਕੇ ਜਾਣ ਵਾਲੀਆਂ ਓਰਕਾਜ਼ ਨੂੰ ਇਨ੍ਹਾਂ ਪਾਣੀਆਂ ਵਿੱਚ ਆਮ ਤੌਰ ‘ਤੇ ਦੇਖਿਆ ਜਾ ਸਕਦਾ ਹੈ ਅਤੇ ਕੈਂਬਲ ਰਿਵਰ ਗ੍ਰਿਜ਼ਲੀ ਦੇਖਣ ਵਾਸਤੇ ਸਭ ਤੋਂ ਵਧੀਆ ਥਾਂ ਦੇ ਨੇੜੇ ਹੈ। ਗ੍ਰਿਜ਼ਲੀ ਟੂਰ ਅਗਸਤ ਅਤੇ ਅਕਤੂਬਰ ਦੇ ਵਿਚਕਾਰ ਮੌਸਮੀ ਤੌਰ ‘ਤੇ ਪੇਸ਼ ਕੀਤੇ ਜਾਂਦੇ ਹਨ –ਆਪਣੀ ਥਾਂ ਨੂੰ ਸੁਰੱਖਿਅਤ ਕਰਨ ਅਤੇ ਸਾਮਨ ਅਤੇ ਰਿੱਛਾਂ ਵਿੱਚ ਜੀਵਨ ਦੇ ਚੱਕਰ ਨੂੰ ਸਾਹਮਣੇ ਆਉਂਦੇ ਦੇਖਣ ਲਈ ਐਡਵਾਂਸ ਵਿੱਚ ਬੁੱਕ ਕਰੋ।
ਐਲਕ ਫਾਲਜ਼ ਸਸਪੈਂਸ਼ਨ ਬ੍ਰਿਜ ਲਾਜ਼ਮੀ ਦੇਖਣ ਵਾਲੀ ਇੱਕ ਹੋਰ ਜਗ੍ਹਾ ਹੈ। ਗਰਜਦੇ ਝਰਨੇ ‘ਤੇ ਨਜ਼ਰ ਮਾਰੋ, ਅਤੇ ਨੇੜਲੀ ਕੁਇਨਸਮ ਰਿਵਰ ਹੈਚਰੀ ਨੂੰ ਦੇਖੋ। ਹਾਈਵੇ 19 ਏ ਕੈਂਬਲ ਰਿਵਰ ’ਤੇ ਆ ਕੇ ਖ਼ਤਮ ਹੋ ਜਾਂਦਾ ਹੈ, ਪਰ ਉੱਤਰੀ ਵੈਨਕੂਵਰ ਟਾਪੂ ਵਿੱਚ ਅੱਗੇ ਜਾ ਕੇ ਦੇਖਣ ਲਈ ਹੋਰ ਵੀ ਬਹੁਤ ਕੁਝ ਹੋਣਾ ਬਾਕੀ ਹੈ। ਊਬੜ-ਖਾਬੜ ਭੂ–ਦ੍ਰਿਸ਼ਾਂ ਨੂੰ ਦੇਖੋ, ਇੰਡੀਜਨਸ ਸੱਭਿਆਚਾਰ ‘ਤੇ ਘੋਖਵੀਂ ਨਜ਼ਰ ਮਾਰੋ, ਅਤੇ ਰਸਤੇ ਵਿੱਚ ਜੰਗਲੀ ਜੀਵ ਦੇਖੋ।
Part 8
ਮਸ਼ਹੂਰ ਬ੍ਰੋਟਨ ਟਾਪੂਸਮੂਹ ਵੱਲ ਵਧਣ ਦੇ ਇੱਕ ਕਦਮ ਵਜੋਂ, ਟੈਲੀਗ੍ਰਾਫ ਕੋਵ ਦਾ ਸੁੰਦਰ ਭਾਈਚਾਰਾ ਇੱਕ ਅਜਿਹਾ ਵਧੀਆ ਕੇਂਦਰ ਹੈ ਜਿੱਥੋਂ ਈਕੋ–ਐਡਵੈਂਚਰਜ਼ ਅਤੇ ਜੰਗਲੀ ਜੀਵ ਦੇਖਣ ਦੇ ਬੇਮਿਸਾਲ ਟੂਰਾਂ ਦਾ ਆਨੰਦ ਲਿਆ ਜਾ ਸਕਦਾ ਹੈ। ਪਿੰਡ ਵਿੱਚ ਰੰਗੀਨ ਇਮਾਰਤਾਂ ਅਤੇ ਸਟਿਲਟਾਂ ‘ਤੇ ਪਾਣੀ ਦੇ ਉੱਪਰ ਬਣਾਇਆ ਬੋਰਡਵਾਕ ਹੈ। ਵ੍ਹੇਲ ਮੱਛੀਆਂ ਦੇਖਣ ਲਈ ਇਹ ਇੱਕ ਬਹੁਤ ਮਸ਼ਹੂਰ ਥਾਂ ਹੈ ਕਿਉਂਕਿ ਜੌਹਨਸਟੋਨ ਸਟ੍ਰੇਟ ਦੇ ਕੰਢੇ ਇਸ ਦੇ ਟਿਕਾਣੇ ਦਾ ਮਤਲਬ ਹੈ ਕਿ ਇੱਥੇ ਜਿੰਨੀ ਕੁ ਗਿਣਤੀ ਲੋਕਾਂ ਦੀ ਹੁੰਦੀ ਹੈ, ਉਨੀਂ ਕੁ ਗਿਣਤੀ ਹੀ ਵ੍ਹੇਲ ਮੱਛੀਆਂ ਦੀ ਹੁੰਦੀ ਹੈ।
ਟਾਪੂ ਦਾ ਇਹ ਉੱਤਰੀ ਹਿੱਸਾ ਇੰਡੀਜਿਨਸ ਸੱਭਿਆਚਾਰ ਨਾਲ ਵੀ ਭਰਪੂਰ ਹੈ। ਕੋਰਮੋਰੈਂਟ ਟਾਪੂ ‘ਤੇ ਅਲਰਟ ਬੇਅ ਲਈ ਫੈਰੀ ਦੀ ਇੱਕ ਛੋਟੀ ਜਿਹੀ ਸਵਾਰੀ ਤੁਹਾਨੂੰ ਯੂ‘ਮਿਸਟਾ ਕਲਚਰਲ ਸੈਂਟਰ ਅਤੇ ਇਸ ਦੇ ਮਸ਼ਹੂਰ ਪੌਟਲੈਚ ਕਲੈਕਸ਼ਨ ਵਿਖੇ ਲੈ ਜਾਂਦੀ ਹੈ। ਇਹ ਮਾਸਕ ਅਤੇ ਹੋਰ ਰਸਮੀ ਵਸਤਾਂ ਦਾ ਇੱਕ ਅਮੀਰ ਸੱਭਿਆਚਾਰਕ ਸੰਗ੍ਰਹਿ ਹੈ ਜੋ ਕੈਨੇਡੀਅਨ ਸਰਕਾਰ ਦੁਆਰਾ ਜ਼ਬਤ ਕੀਤੇ ਜਾਣ ਅਤੇ ਦੁਨੀਆ ਭਰ ਦੇ ਅਜਾਇਬ ਘਰਾਂ ਵਿੱਚ ਭੇਜਣ ਤੋਂ ਬਾਅਦ ਮੁੜ ਕਵਾਕਵਾਕਾਵ ਲੋਕਾਂ ਦੇ ਸਪੁਰਦ ਕਰ ਦਿੱਤਾ ਗਿਆ ਸੀ।
ਹਾਈਵੇਅ 19 ਟਾਪੂ ਦੇ ਸਭ ਤੋਂ ਉੱਤਰੀ ਭਾਈਚਾਰੇ ਪੋਰਟ ਹਾਰਡੀ ਤਕ ਜਾਂਦਾ ਹੈ। ਇਸ ਸੁੰਦਰ ਖੇਤਰ ਨੂੰ ਦੇਖਣ ਦੇ ਬਹੁਤ ਸਾਰੇ ਤਰੀਕੇ ਹਨ: ਕਯਾਕ, ਸਮੁੰਦਰੀ ਜਹਾਜ਼ ਜਾਂ ਜੰਗਲੀ ਜੀਵਾਂ ਨਾਲ ਸੰਬੰਧਿਤ ਟੂਰ ਲੈਣ ਬਾਰੇ ਵਿਚਾਰ ਕਰੋ। ਰਹਿਣ ਲਈ ਕਿਸੇ ਜਗ੍ਹਾ ਦੀ ਲੋੜ ਹੈ? ਰਾਤ ਕਵਾ‘ਲੀਲਾਸ ਹੋਟਲ ਵਿਖੇ ਬਿਤਾਓ, ਇਹ ਇੰਡੀਜਨਸ ਮਲਕੀਅਤ ਅਤੇ ਪ੍ਰਬੰਧ ਵਾਲਾ ਹੋਟਲ ਹੈ ਜਿਸ ਨੂੰ ਸਥਾਨਕ ਸੀਡਰ ਦੀ ਵਰਤੋਂ ਨਾਲ ਉਸਾਰਿਆ ਗਿਆ ਹੈ ਅਤੇ ਹੋਟਲ ਦੀ ਇਮਾਰਤ ਨੂੰ ਸਿਖਰ ‘ਤੇ ਧੂੰਏਂ ਦੇ ਛੇਕ ਵਾਲੇ ਰਵਾਇਤੀ ਵੱਡੇ ਘਰ ਵਰਗਾ ਡਿਜ਼ਾਈਨ ਦਿੱਤਾ ਗਿਆ ਹੈ। ਪੋਰਟ ਹਾਰਡੀ ਦੇ ਬਿਲਕੁਲ ਬਾਹਰ, ਟਾਪੂ ਦੇ ਉੱਤਰੀ ਸਿਰੇ ‘ਤੇ ਸ਼ਾਂਤਮਈ ਕੇਪ ਸਕਾਟ ਪ੍ਰੋਵਿੰਸ਼ੀਅਲ ਪਾਰਕ ਵਿਖੇ ਦੂਰ–ਦੁਰਾਡੇ ਹੁੰਦਿਆਂ ਇਕਾਂਤ ਦਾ ਆਨੰਦ ਲਓ ਅਤੇ ਫਿਰ ਫੈਸਲਾ ਕਰੋ ਕਿ ਕੀ ਮੁੜ ਦੱਖਣ ਵੱਲ ਜਾ ਕੇ ਆਪਣੇ ਕੁਝ ਮਨਪਸੰਦ ਸਥਾਨਾਂ ਦੀ ਇੱਕ ਹੋਰ ਫੇਰੀ ਲਗਾਉਣੀ ਹੈ ਜਾਂ ਫੈਰੀ ਰਾਹੀਂ ਬੀ.ਸੀ. ਦੇ ਕੇਂਦਰੀ ਤੱਟ ‘ਤੇ ਘੁੰਮਣ ਦਾ ਸਿਲਸਿਲਾ ਜਾਰੀ ਰੱਖਣਾ ਹੈ।
ਨੋਟ: ਇਸ ਸੜਕ ਯਾਤਰਾ ਨੂੰ ਵਿਸ਼ੇਸ਼ ਤੌਰ ‘ਤੇ 2021 ਦੇ ਵਿਲੱਖਣ ਯਾਤਰਾ ਹਾਲਾਤਾਂ ਲਈ ਅੱਪਡੇਟ ਕੀਤਾ ਗਿਆ ਸੀ। ਜਾਣਕਾਰੀ ਪ੍ਰਕਾਸ਼ਨ ਦੇ ਸਮੇਂ ਅਨੁਸਾਰ ਸਹੀ ਹੈ; ਉਪਲਬਧਤਾ ਦੀ ਪੁਸ਼ਟੀ ਕਰਨ ਅਤੇ ਲਾਗੂ ਕੋਵਿਡ ਨੀਤੀਆਂ ਤੋਂ ਆਪਣੇ ਆਪ ਨੂੰ ਜਾਣੂ ਕਰਵਾਉਣ ਲਈ ਅਸੀਂ ਤੁਹਾਨੂੰ ਕਾਰੋਬਾਰਾਂ ਨਾਲ ਸਿੱਧਾ ਸੰਪਰਕ ਕਰਨ ਦੀ ਸਿਫਾਰਸ਼ ਕਰਦੇ ਹਾਂ।
ਇਸ ਰਸਤੇ ਦੀ ਯਾਤਰਾ ਕਰ ਰਹੇ ਹੋ? ਆਪਣੇ ਤਜਰਬਿਆਂ ਨੂੰ #exploreBC ਨਾਲ ਸਾਂਝਾ ਕਰੋ।